ਤੀਬਰ ਐੱਚ.ਆਈ.ਵੀ

ਤੀਬਰ ਐੱਚ.ਆਈ.ਵੀ. ਅਤੇ ਵਾਇਰਲ ਲੋਡ

ਐੱਚ.ਆਈ.ਵੀ. ਨਾਲ ਗ੍ਰਸਤ ਹੋਣ ਤੋਂ ਬਾਅਦ ਪਹਿਲੇ ਦੋ ਕੁ ਮਹੀਨਿਆਂ ਦੌਰਾਨ ਪੀੜਤ ਵਿਅਕਤੀ ਵੱਲੋਂ ਐੱਚ.ਆਈ.ਵੀ. ਫੈਲਾਉਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਕੰਡੋਮ ਪਹਿਨੇ ਬਿਨਾ ਸੰਭੋਗ ਕਰਦੇ ਹੋ ਅਤੇ ਤੁਹਾਨੂੰ ਆਪਣੇ ਸਾਥੀ ਦੇ ਐੱਚ.ਆਈ.ਵੀ. ਦਰਜੇ ਬਾਰੇ ਪੱਕਾ ਯਕੀਨ ਨਹੀਂ ਹੈ ਤਾਂ ਆਪਣਾ ਟੈਸਟ ਕਰਵਾਓ।


ਤੀਬਰ ਐੱਚ.ਆਈ.ਵੀ. ਇਨਫ਼ੈਕਸ਼ਨ ਕੀ ਹੁੰਦੀ ਹੈ?

ਐੱਚ.ਆਈ.ਵੀ. ਇਨਫ਼ੈਕਸ਼ਨ ਦੇ ਪਹਿਲੇ ਪੜਾਅ ਨੂੰ ਤੀਬਰ ਐੱਚ.ਆਈ.ਵੀ. ਇਨਫ਼ੈਕਸ਼ਨ ਕਿਹਾ ਜਾਂਦਾ ਹੈ। ਜਦੋਂ ਵਿਅਕਤੀ ਐੱਚ.ਆਈ.ਵੀ. ਨਾਲ ਗ੍ਰਸਤ ਹੁੰਦਾ ਹੈ ਇਹ ਉਦੋਂ ਸ਼ੁਰੂ ਹੁੰਦੀ ਹੈ ਅਤੇ ਤਕਰੀਬਨ ਦੋ ਮਹੀਨਿਆਂ ਤਕ ਰਹਿੰਦੀ ਹੈ। ਜਦੋਂ ਕੋਈ ਵਿਅਕਤੀ ਐੱਚ.ਆਈ.ਵੀ. ਨਾਲ ਗ੍ਰਸਤ ਹੁੰਦਾ ਹੈ, ਉਦੋਂ ਥੋੜ੍ਹੇ ਹੀ ਦਿਨਾਂ ਦੇ ਅੰਦਰ-ਅੰਦਰ ਉਸ ਵਿਅਕਤੀ ਦੇ ਖ਼ੂਨ, ਵੀਰਜ ਅਤੇ ਸਰੀਰ ਦੇ ਹੋਰਨਾ ਤਰਲ ਪਦਾਰਥਾਂ ਵਿੱਚ ਐੱਚ.ਆਈ.ਵੀ. ਦੀ ਮਿਕਦਾਰ ਬਹੁਤ ਜ਼ਿਆਦਾ ਵਧ ਜਾਂਦੀ ਹੈ, ਕਿਉਂਕਿ ਇਸ ਪੜਾਅ ’ਤੇ ਐੱਚ.ਆਈ.ਵੀ. ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੁੰਦਾ ਹੈ। ਇਸ ਕਾਰਨ ਜਦੋਂ ਉਹ ਵਿਅਕਤੀ ਕੰਡੋਮ ਪਹਿਨੇ ਬਿਨਾਂ ਗੁਦਾ ਮੈਥੁਨ (ਏਨਲ ਸੈਕਸ) ਕਰਦਾ ਹੈ ਤਾਂ ਉਸ ਤੋਂ ਦੂਜੇ ਵਿਅਕਤੀ ਨੂੰ ਐੱਚ.ਆਈ.ਵੀ. ਹੋਣ ਦੇ ਆਸਾਰ ਬਹੁਤ ਜ਼ਿਆਦਾ ਵਧ ਜਾਂਦੇ ਹਨ।

ਇੱਕ ਵਾਰੀ ਜਦੋਂ ਵਾਇਰਸ ਦੇ ਜਵਾਬ ਵਿੱਚ ਸਰੀਰ ਐੱਚ.ਆਈ.ਵੀ. ਐਂਟੀਬਾਡੀਜ਼ (ਪ੍ਰਤਿਪਿੰਡ) ਬਣਾਉਣੇ ਸ਼ੁਰੂ ਕਰ ਦੇਵੇ, ਉਦੋਂ ਵਿਅਕਤੀ ਦੇ ਸਰੀਰ ਵਿੱਚ ਐੱਚ.ਆਈ.ਵੀ. ਦੀ ਮਿਕਦਾਰ ਨੀਵੇਂ ਅਤੇ ਸਥਿਰ ਪੱਧਰ ’ਤੇ ਪਹੁੰਚ ਜਾਂਦੀ ਹੈ। ਉਸ ਵਿਅਕਤੀ ਤੋਂ ਫ਼ਿਰ ਵੀ ਦੂਜੇ ਵਿਅਕਤੀ ਨੂੰ ਵਾਇਰਸ ਲੱਗ ਤਾਂ ਸਕਦਾ ਹੈ, ਪਰ ਵਾਇਰਸ ਫੈਲਣ ਦੇ ਆਸਾਰ ਘਟ ਜਾਂਦੇ ਹਨ।

ਮੈਂ ਐੱਚ ਆਈ ਵੀ ਦੀ ਤੀਬਰ ਲਾਗ (ਅਕਿਊਟ ਐੱਚ ਆਈ ਵੀ ਇਨਫ਼ੈਨਕਸ਼ਨ) ਲਈ ਕਿਵੇਂ ਟੈਸਟ ਕਰਾਂ?

ਮੁਢਲੇ ਪੜਾਅ ਵਿੱਚ ਐੱਚ ਆਈ ਵੀ ਟੈਸਟ (ਅਰਲੀ ਐੱਚ ਆਈ ਵੀ ਟੈਸਟ ) ਕਰਵਾਉਣਾ (ਜਿਸ ਨੂੰ ਐੱਨ ਏ ਏ ਟੀ /ਆਰ ਐੱਨ ਏ ਟੈਸਟਿੰਗ ਵੀ ਕਿਹਾ ਜਾਂਦਾ ਹੈ) ਐੱਚ ਆਈ ਵੀ ਦੀ ਤੀਬਰ ਇਨਫ਼ੈਨਕਸ਼ਨ ਬਾਰੇ ਪਤਾ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਹਿਮ – ਐੱਚ ਆਈ ਐੱਮ – ਸਿਹਤ ਕੇਂਦਰ ਸਮੇਤ ਵੈਨਕੂਵਰ ਦੀਆਂ ਚੋਣਵੀਆਂ ਕਲੀਨਿਕਾਂ ਵਿਖੇ ਇਹ ਟੈਸਟ 18 ਸਾਲ ਤੋਂ ਜ਼ਿਆਦਾ ਉਮਰ ਵਾਲੇ ਮਰਦਾਂ ਲਈ ਉਪਲਬਧ ਹੈ। ਇਹ ਟੈਸਟ ਆਸਾਨ ਹੈ: ਥੋੜ੍ਹੇ ਜਿਹੇ ਖ਼ੂਨ ਦਾ ਨਮੂਨਾ ਲਿਆ ਜਾਂਦਾ ਹੈ, ਉਸ ਨੂੰ ਲੈਬ ਵਿੱਚ ਭੇਜਿਆ ਜਾਂਦਾ ਹੈ, ਅਤੇ (ਲਗਭਗ) ਇੱਕ ਹਫ਼ਤੇ ਦੇ ਅੰਦਰ-ਅੰਦਰ ਨਤੀਜੇ ਉਪਲਬਧ ਹੋ ਜਾਂਦੇ ਹਨ। ਮੁੱਢਲਾ ਐੱਚ ਆਈ ਵੀ ਟੈਸਟ ਜਿਹੜੀਆਂ ਥਾਵਾਂ ਵਿਖੇ ਕਰਵਾਇਆ ਜਾ ਸਕਦਾ ਹੈ, ਉਨ੍ਹਾਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ।:

ਅਰਲੀ ਐੱਚ.ਆਈ.ਵੀ. ਟੈਸਟ ਵਾਇਰਸ ਦੀ ਮੌਜੂਦਗੀ ਲਈ ਪੜਤਾਲ ਕਰਦਾ ਹੈ, ਜਦ ਕਿ ਦੂਜੇ ਐੱਚ.ਆਈ.ਵੀ. ਟੈਸਟ ਆਮ ਤੌਰ ’ਤੇ ਐੱਚ.ਆਈ.ਵੀ. ਐਂਟੀਬਾਡੀਜ਼ (ਪ੍ਰਤਿਪਿੰਡ) ਦੀ ਭਾਲ ਕਰਦੇ ਹਨ। ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ 10 ਤੋਂ 12 ਦਿਨ ਬਾਅਦ ਬਹੁਤੇ ਲੋਕਾਂ ਦੇ ਸਰੀਰ ਵਿੱਚ ਵਾਇਰਸ ਦੀ ਇੰਨੀ ਮਿਕਦਾਰ ਮੌਜੂਦ ਹੋ ਜਾਂਦੀ ਹੈ ਕਿ ਅਰਲੀ ਐੱਚ.ਆਈ.ਵੀ. ਟੈਸਟ ਰਾਹੀਂ ਉਨ੍ਹਾਂ ਦੀ ਇਨਫ਼ੈਕਸ਼ਨ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਐਂਟੀਬਾਡੀ ਟੈਸਟਾਂ (ਭਾਵ ਕਿ ਰੈਪਿਡ ਜਾਂ ਐੱਚ.ਆਈ.ਵੀ. ਦੇ ਸਟੈਂਡਰਡ ਟੈਸਟ) ਰਾਹੀਂ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਣ ਵਿੱਚ ਘੱਟੋ-ਘੱਟ ਤਿੰਨ ਤੋਂ ਚਾਰ ਹਫ਼ਤੇ ਲੱਗ ਸਕਦੇ ਹਨ। ਐੱਚ.ਆਈ.ਵੀ. ਟੈਸਟਿੰਗ ਅਤੇ ‘ਵਿੰਡੋ ਪੀਰੀਅਡ’ (ਇੰਤਜ਼ਾਰ ਸਮਾਂ) ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।:


ਜੇ ਮੈਂ ਹਾਲ ਹੀ ਵਿੱਚ ਐੱਚ.ਆਈ.ਵੀ. ਦੇ ਸੰਪਰਕ ਵਿੱਚ ਆਇਆ ਹੋਵਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੰਡੋਮ-ਰਹਿਤ ਗੁਦਾ ਮੈਥੁਨ ਜਾਂ ਕੰਡੋਮ ਫਟ ਜਾਣ ਕਾਰਨ ਐੱਚ ਆਈ ਵੀ ਦੇ ਸੰਪਰਕ ਵਿੱਚ ਆਏ ਹੋ ਤਾਂ PEP (post-exposure prophylaxis) (ਪੀ ਈ ਪੀ – ਪੋਸਟ-ਐਕਸਪੋਯਰ ਪ੍ਰੌਫ਼ਿਲੈਕਸਿਸ) ਲੈ ਕੇ ਤੁਸੀਂ ਐੱਚ ਆਈ ਵੀ-ਪਾਜ਼ਿਟਿਵ ਹੋਣ ਦੇ ਆਪਣੇ ਆਸਾਰ ਘਟਾ ਸਕਦੇ ਹੋ – ਪਰ ਤੁਹਾਨੂੰ ਇਹ ਦਵਾਈ ਫ਼ੌਰਨ ਲੈਣੀ ਪਵੇਗੀ। ਪੀ ਈ ਪੀ ਐੱਚ ਆਈ ਵੀ ਸੰਬੰਧੀ ਇੱਕ ਦਵਾਈ ਹੈ ਜਿਹੜੀ ਐੱਚ ਆਈ ਵੀ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਛੇਤੀ ਤੋਂ ਛੇਤੀ ਦਿੱਤੀ ਜਾਂਦੀ ਹੈ ਤਾਂ ਕਿ ਉਨ੍ਹਾਂ ਦੇ ਐੱਚ ਆਈ ਵੀ-ਪਾਜ਼ਿਟਿਵ ਹੋਣ ਦੇ ਆਸਾਰ ਘਟਾਏ ਜਾ ਸਕਣ। ਪੀ ਈ ਪੀ ਬਾਰੇ ਵਧੇਰੇ ਜਾਣਨ ਲਈ ਇੱਥੇ ਕਲਿੱਕ ਕਰੋ।