ਐੱਚ.ਆਈ.ਵੀ. ਵਾਇਰਲ ਲੋਡ (ਵਾਇਰਸ ਦੀ ਮਿਕਦਾਰ)

ਐੱਚ ਆਈ ਵੀ ਵਾਇਰਸ ਦੀ ਮਿਕਦਾਰ ਕੀ ਹੈ?

ਵਾਇਰਸ ਦੀ ਮਿਕਦਾਰ (ਵਾਇਰਸ ਲੋਡ) ਦਾ ਮਤਲਬ ਹੈ ਕਿ ਸਰੀਰ ਦੇ ਕਿਸੇ ਖ਼ਾਸ ਹਿੱਸੇ ਵਿੱਚ ਐੱਚ ਆਈ ਵੀ ਦੀਆਂ ਕਿੰਨੀਆਂ ਨਕਲਾਂ ਮੌਜੂਦ ਹਨ। ਵਾਇਰਸ ਦੀ ਮਿਕਦਾਰ ਬਾਰੇ ਪਤਾ ਲਗਾਉਣ ਲਈ ਆਮ ਤੌਰ ’ਤੇ ਖ਼ੂਨ ਦੀ ਜਾਂਚ ਕੀਤੀ ਜਾਂਦੀ ਹੈ, ਪਰ ਵਾਇਰਸ ਵੀਰਜ ਅਤੇ ਗੁਦਾ ਰਾਹੀਂ ਹੋਣ ਵਾਲੇ ਰਿਸਾਵ ਸਮੇਤ ਸਰੀਰ ਦੇ ਹੋਰ ਟਿਸ਼ੂਆਂ ਅਤੇ ਸਰੀਰਕ ਤਰਲ ਪਦਾਰਥਾਂ ਵਿੱਚ ਵੀ ਮੌਜੂਦ ਹੋ ਸਕਦਾ ਹੈ। ਇਨਫ਼ੈਕਸ਼ਨ ਤੋਂ ਬਾਅਦ ਪਹਿਲੇ ਦੋ ਮਹੀਨਿਆਂ ਦੌਰਾਨ ਵਾਇਰਸ ਦੀ ਮਿਕਦਾਰ ਸਭ ਤੋਂ ਜ਼ਿਆਦਾ ਹੁੰਦੀ ਹੈ। ਉਚੇਰੀ ਵਾਇਰਸ ਦੀ ਮਿਕਦਾਰ ਦਾ ਮਤਲਬ ਹੈ ਕਿ ਤੁਹਾਡੇ ਕਾਮੁਕ ਸਾਥੀ ਨੂੰ ਤੁਹਾਡੇ ਤੋਂ ਐੱਚ ਆਈ ਵੀ ਹੋਣ ਦੇ ਆਸਾਰ ਵੱਧ ਜਾਂਦੇ ਹਨ।

ਕੀ ਵਾਇਰਸ ਦੀ ਮਿਕਦਾਰ ਹਮੇਸ਼ਾ ਜ਼ਿਆਦਾ ਹੁੰਦੀ ਹੈ?

ਐੱਚ ਆਈ ਵੀ ਇਨਫ਼ੈਕਸ਼ਨ ਹੋਣ ਉਪਰੰਤ ਪਹਿਲੇ ਕੁਝ ਮਹੀਨਿਆਂ ਤੋਂ ਬਾਅਦ ਵਾਇਰਸ ਦੀ ਮਿਕਦਾਰ ਕੁਦਰਤੀ ਤੌਰ ’ਤੇ ਘਟਣ ਲੱਗ ਜਾਂਦੀ ਹੈ। ਟ੍ਰੀਟਮੈਂਟ ਦੇ ਕੁਝ ਹਫ਼ਤਿਆਂ ਤੋਂ ਬਾਅਦ ਵਾਇਰਸ ਦੀ ਮਿਕਦਾਰ ਵਿੱਚ ਆਮ ਤੌਰ ’ਤੇ ਹੋਰ ਵੀ ਕਮੀ ਆ ਜਾਂਦੀ ਹੈ। ਕਿਸੇ ਮਰਦ ਦੇ ਟੈਸਟ ਵਿੱਚ ਵਾਇਰਸ ਦੇ ਨਿਸ਼ਾਨ ਮੌਜੂਦ ਹੋਣ ਦੇ ਮੁਕਾਬਲੇ ਜਦੋਂ ਟੈਸਟ ਵਿੱਚ ਵਾਇਰਸ ਦੇ ਨਿਸ਼ਾਨ ਨਹੀਂ ਮਿਲਦੇ, ਉਦੋਂ ਉਸ ਦੇ ਕਾਮੁਕ ਸਾਥੀ ਨੂੰ ਵਾਇਰਸ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ। ਟੈਸਟ ਵਿੱਚ ਵਾਇਰਸ ਦੇ ਨਿਸ਼ਾਨ ਨਾ ਆਉਣ, ਇਸ ਲਈ ਟ੍ਰੀਟਮੈਂਟ ਕਰਵਾਉਣਾ ਸਭ ਤੋਂ ਵਧੀਆ ਤਰੀਕਾ ਹੈ।


ਵਾਇਰਸ ਦੀ ਮਿਕਦਾਰ “ਵਾਇਰਲ ਲੋਡ” ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦੀ ਹੈ?


ਵਾਇਰਸ ਦੀ ਮਿਕਦਾਰ ਐੱਚ ਆਈ ਵੀ ਟ੍ਰੀਟਮੈਂਟ ਦੀ ਕਿਸਮ ਅਤੇ ਮਿਆਦ, ਐੱਚ ਆਈ ਵੀ ਟ੍ਰੀਟਮੈਂਟ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਅਤੇ ਐੱਸ ਟੀ ਆਈ ਸਮੇਤ ਹੋਰਨਾਂ ਇਨਫ਼ੈਕਸ਼ਨਾਂ ਦੀ ਮੌਜੂਦਗੀ ’ਤੇ ਨਿਰਭਰ ਕਰਦਾ ਹੈ। ਜਣਨ ਅੰਗ (ਇੰਦਰੀ ਦੇ ਅੰਦਰ) ਵਿੱਚ ਹੋਣ ਵਾਲੀਆਂ ਐੱਸ ਟੀ ਆਈ ਵਾਇਰਸ ਦੀ ਮਿਕਦਾਰ ਅਤੇ ਕਾਮੁਕ ਸਾਥੀਆਂ ਨੂੰ ਐੱਚ ਆਈ ਵੀ ਤੋਂ ਗ੍ਰਸਤ ਕਰਨ ਦਾ ਖ਼ਤਰਾ ਵਧਾ ਦਿੰਦੀਆਂ ਹਨ। ਇੱਕ ਵਾਰੀ ਜਦੋਂ ਇਨ੍ਹਾਂ ਦਾ ਪਤਾ ਲੱਗ ਜਾਵੇ ਉਦੋਂ ਬਹੁਤੀਆਂ ਐੱਸ ਟੀ ਆਈ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਐੱਚ ਆਈ ਵੀ-ਨੈਗੇਟਿਵ (ਜਿਨ੍ਹਾਂ ਵਿੱਚ ਐੱਚ ਆਈ ਵੀ ਵਾਇਰਸ ਮੌਜੂਦ ਨਹੀਂ ਹੁੰਦਾ) ਮਰਦਾਂ ਲਈ ਵਾਇਰਸ ਦੀ ਮਿਕਦਾਰ ਦਾ ਕੀ ਮਤਲਬ ਹੈ? ਭਾਵੇਂ ਤੁਹਾਡੇ ਕਾਮੁਕ ਸਾਥੀ ਦੇ ਟੈਸਟ ਵਿੱਚ ਵਾਇਰਸ ਦੇ ਨਿਸ਼ਾਨ ਨਾ ਆਉਣ, ਐੱਚ ਆਈ ਵੀ ਦੀ ਰੋਕਥਾਮ ਲਈ ਫ਼ਿਰ ਵੀ ਕੰਡੋਮ ਦਾ ਇਸਤੇਮਾਲ ਸਭ ਤੋਂ ਉੱਤਮ ਤਰੀਕਾ ਹੈ। ਜੇਕਰ ਤੁਹਾਡਾ ਕਾਮੁਕ ਸਾਥੀ ਐੱਚ ਆਈ ਵੀ-ਪਾਜ਼ਿਟਿਵ ਹੈ ਤਾਂ ਡਾਕਟਰ ਵੱਲੋਂ ਤਜਵੀਜ਼ ਕੀਤਾ ਟ੍ਰੀਟਮੈਂਟ ਕਰਵਾਉਣ ਅਤੇ ਉਸ ਦੇ ਖ਼ੂਨ ਵਿੱਚ ਵਾਇਰਸ ਦੀ ਮਿਕਦਾਰ ਅਤੇ ਉਸ ਦੇ ਐੱਸ ਟੀ ਆਈ ਦਰਜੇ ਦੀ ਬਾਕਾਇਦਾ ਨਿਗਰਾਨੀ ਕਰਨ ਨਾਲ ਕੰਡੋਮ ਰਹਿਤ ਗੁਦਾ ਮੈਥੁਨ ਕਾਰਨ ਤੁਹਾਡੇ ਐੱਚ ਆਈ ਵੀ-ਪਾਜ਼ਿਟਿਵ ਹੋਣ ਦੇ ਆਸਾਰ ਘੱਟ ਜਾਣਗੇ। ਐੱਚ ਆਈ ਵੀ ਹੋਣ ਦੇ ਖ਼ਤਰੇ ਨੂੰ ਘਟਾਉਣ ਲਈ ਆਪਣੇ ਸਾਥੀ ਅਤੇ ਉਸ ਦੇ ਡਾਕਟਰ ਨਾਲ ਗੱਲਬਾਤ ਕਰਨ ਬਾਰੇ ਵਿਚਾਰ ਕਰੋ।