ਸੈਰੋ-ਕਨਵਰਯਨ ਇਲਨੈੱਸ


“ਸੈਰੋ-ਕਨਵਰਯਨ ਇਲਨੈੱਸ”ਕੀ ਹੈ?

ਜਦੋਂ ਕੋਈ ਵਿਅਕਤੀ ਐੱਚ ਆਈ ਵੀ ਤੋਂ ਗ੍ਰਸਤ ਹੁੰਦਾ ਹੈ, ਉਸ ਨੂੰ ਅਕਸਰ “ਸੈਰੋ-ਕਨਵਰਯਨ ਇਲਨੈੱਸ” ਦੇ ਲੱਛਣਾਂ ਦਾ ਅਨੁਭਵ ਹੁੰਦਾ ਹੈ। ਐੱਚ ਆਈ ਵੀ ਤੋਂ ਗ੍ਰਸਤ ਹੋਣ ਵਾਲੇ ਅਨੇਕਾਂ ਮਰਦਾਂ ਵਿੱਚ ਗਲਾ ਖ਼ਰਾਬ, ਬੁਖ਼ਾਰ, ਛਪਾਕੀਆਂ, ਜੀਅ ਕੱਚਾ ਹੋਣ, ਉਲਟੀਆਂ ਆਉਣਾ, ਰਾਤ ਨੂੰ ਪਸੀਨਾ ਆਉਣਾ ਅਤੇ ਗਲੈਂਡ ਸੁੱਜਣ ਜਿਹੇ ਫ਼ਲੂ ਸੰਬੰਧੀ ਲੱਛਣ ਉੱਭਰਦੇ ਹਨ। ਇਨਫ਼ੈਕਸ਼ਨ ਹੋਣ ਉਪਰੰਤ 10-14 ਦਿਨਾਂ ਬਾਅਦ ਇਹ ਲੱਛਣ ਸਾਹਮਣੇ ਆਉਂਦੇ ਹਨ ਅਤੇ ਇਹ ਇੱਕ ਤੋਂ ਦੋ ਹਫ਼ਤਿਆਂ ਤਕ ਰਹਿੰਦੇ ਹਨ। ਮੂੰਹ ਵਿੱਚ ਛਾਲੇ, ਜੋੜਾਂ ਦਾ ਦਰਦ, ਭੁੱਖ ਨਾ ਲੱਗਣੀ, ਭਾਰ ਘਟਣਾ, ਪੱਠਿਆਂ ਵਿੱਚ ਦਰਦ ਹੋਣਾ ਅਤੇ ਬਹੁਤ ਜ਼ਿਆਦਾ ਥੱਕੇ ਹੋਏ ਜਾਂ ਬਿਮਾਰ ਮਹਿਸੂਸ ਕਰਨਾ ਹੋਰ ਆਮ ਲੱਛਣਾਂ ਵਿੱਚ ਸ਼ਾਮਲ ਹਨ। ਐੱਚ ਆਈ ਵੀ ਇਨਫ਼ੈਕਸ਼ਨ ਹੋਣ ਤੋਂ ਥੋੜ੍ਹੇ ਸਮੇਂ ਬਾਅਦ ਹੀ 70% ਤੋਂ 90% ਵਿਅਕਤੀ ਅਜਿਹੇ ਲੱਛਣਾਂ ਦਾ ਅਨੁਭਵ ਕਰਦੇ ਹਨ, ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਇਹ ਲੱਛਣ ਐੱਚ ਆਈ ਵੀ ਨਾਲ ਸੰਬੰਧਤ ਹਨ। ਜੇ ਲੱਛਣਾਂ ਬਾਰੇ ਪਤਾ ਨਾ ਲੱਗੇ ਜਾਂ ਜੇ ਸਹੀ ਢੰਗ ਨਾਲ ਇਨ੍ਹਾਂ ਦੀ ਪਛਾਣ ਨਾ ਹੋ ਸਕੇ ਤਾਂ ਇਸ ਦੇ ਨਤੀਜੇ ਵਜੋਂ ਹੋ ਸਕਦਾ ਹੈ ਕਿ ਕੋਈ ਵਿਅਕਤੀ ਐੱਚ ਆਈ ਵੀ ਨਾਲ ਗ੍ਰਸਤ ਤਾਂ ਹੋਵੇ ਪਰ ਉਸ ਨੂੰ ਇਸ ਬਾਰੇ ਪਤਾ ਹੀ ਨਾ ਹੋਵੇ।