ਸੰਬੰਧ + ਖਤਰਾ

ਰਿਸ਼ਤੇ ਅਤੇ ਐੱਚ.ਆਈ.ਵੀ./ਐੱਸ.ਟੀ.ਆਈ. ਦਾ ਖ਼ਤਰਾ


ਇੱਕੋ ਵਿਅਕਤੀ ਨਾਲ ਕਾਮੁਕ ਰਿਸ਼ਤੇ ਵਿੱਚ ਰਹਿਣ ਵਾਲੇ ਮਰਦ (ਉਹ ਜੋ ਇੱਕੋ ਮਰਦ ਨਾਲ ਸੰਭੋਗ ਕਰਦੇ ਹਨ) ਅਕਸਰ ਇਹ ਸੋਚਦੇ ਹਨ ਕਿ ਉਨ੍ਹਾਂ ਨੂੰ ਐੱਚ ਆਈ ਵੀ ਹੋਣ ਜਾਂ ਉਨ੍ਹਾਂ ਤੋਂ ਕਿਸੇ ਹੋਰ ਨੂੰ ਐੱਚ ਆਈ ਵੀ ਹੋਣ ਦੇ ਆਸਾਰ ਬਹੁਤ ਹੀ ਘੱਟ ਹੁੰਦੇ ਹਨ। ਇਹ ਸਹੀ ਤਾਂ ਹੈ, ਪਰ ਸਿਰਫ਼ ਉਦੋਂ ਜਦੋਂ ਤੁਹਾਨੂੰ ਆਪਣੇ ਅਤੇ ਆਪਣੇ ਸਾਥੀ ਦੇ ਐੱਚ ਆਈ ਵੀ ਦਰਜੇ ਬਾਰੇ ਪਤਾ ਹੁੰਦਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਦੋਵਾਂ ਵਿੱਚੋਂ ਕੋਈ ਵੀ ਦੂਜੇ ਵਿਅਕਤੀਆਂ ਨਾਲ ਸੰਭੋਗ ਨਹੀਂ ਕਰਦਾ। ਇਸ ਤੋਂ ਪਹਿਲਾਂ ਕਿ ਤੁਸੀਂ ਇਹ ਫ਼ੈਸਲਾ ਕਰੋ ਕਿ ਤੁਸੀਂ ਕੰਡੋਮ ਇਸਤੇਮਾਲ ਕਰਨਾ ਹੈ ਜਾਂ ਨਹੀਂ, ਤੁਹਾਨੂੰ ਇਕੱਠਿਆਂ ਐੱਚ ਆਈ ਵੀ ਅਤੇ ਐੱਸ ਟੀ ਆਈ ਸੰਬੰਧੀ ਟੈਸਟ ਕਰਵਾਉਣਾ ਚਾਹੀਦਾ ਹੈ। ਹਾਲਾਂਕਿ ਇਹ ਗੱਲ ਕਰਨੀ ਔਖੀ ਹੈ, ਪਰ ਤੁਹਾਡੇ ਦੋਵਾਂ ਵਿੱਚੋਂ ਕਿਸੇ ਦੇ ਵੀ ਕਿਸੇ ਹੋਰ ਵਿਅਕਤੀ ਨਾਲ ਕਾਮੁਕ ਸੰਬੰਧਾਂ ਬਾਰੇ ਗੱਲਬਾਤ ਕਰਨਾ ਵੀ ਆਪਣੀ ਸਿਹਤ ਦੀ ਰਾਖੀ ਕਰਨ ਦਾ ਇੱਕ ਮਹੁੱਤਵਪੂਰਨ ਤਰੀਕਾ ਹੈ। ਉਦਾਹਰਣ ਵਜੋਂ, ਤੁਸੀਂ ਇਹ ਫ਼ੈਸਲਾ ਕਰ ਸਕਦੇ ਹੋ ਕਿ ਜੇਕਰ ਰਿਸ਼ਤੇ ਤੋਂ ਬਾਹਰ ਕਿਸੇ ਨਾਲ ਕਾਮੁਕ ਸੰਬੰਧ ਬਣਦੇ ਹਨ, ਭਾਵੇਂ ਉਨ੍ਹਾਂ ਨੂੰ ਵਿਉਂਤਿਆ ਗਿਆ ਹੋਵੇ ਜਾਂ ਮੌਕੇ ਅਚਾਨਕ ਬਣ ਜਾਣ, ਤਾਂ ਅਜਿਹੇ ਸੰਬੰਧ ਘੱਟ ਤੋਂ ਘੱਟ ਖ਼ਤਰੇ ਵਾਲੇ ਹੋਣੇ ਚਾਹੀਦੇ ਹਨ (ਭਾਵ ਕਿ ਗੁਦਾ ਮੈਥੁਨ ਬਿਲਕੁਲ ਵੀ ਨਾ ਕੀਤਾ ਜਾਵੇ ਜਾਂ ਹੋਰਨਾ ਕਾਮੁਕ ਸਾਥੀਆਂ ਨਾਲ ਕੰਡੋਮ ਦਾ 100% ਇਸਤੇਮਾਲ ਕੀਤਾ ਜਾਵੇਗਾ)।

ਬੰਧਨ-ਮੁਕਤ ਰਿਸ਼ਤਿਆਂ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ, ਪਰ ਬਹੁਤੇ ਰਿਸ਼ਤੇ ਨਿਯਮਾਂ ਜਾਂ ਇੱਕ ਸਾਂਝੀ ਸਮਝ (ਸਾਂਝੇ ਸਮਝੌਤੇ) ਉੱਪਰ ਅਧਾਰਤ ਹੁੰਦੇ ਹਨ। ਐੱਚ ਆਈ ਵੀ ਅਤੇ ਹੋਰ ਐੱਸ ਟੀ ਆਈ ਨਾਲ ਗ੍ਰਸਤ ਹੋਣ ਜਾਂ ਇਨ੍ਹਾਂ ਨੂੰ ਫੈਲਾਉਣ ਦਾ ਖ਼ਤਰਾ ਰਿਸ਼ਤੇ ਦੇ ਦਾਇਰੇ ਵਿੱਚ ਅਤੇ ਰਿਸ਼ਤੇ ਦੇ ਦਾਇਰੇ ਤੋਂ ਬਾਹਰ ਤੁਹਾਡੇ ਵਿਹਾਰ ਉੱਪਰ ਨਿਰਭਰ ਕਰਦਾ ਹੈ। ਕਿਸੇ ਵੀ ਰਿਸ਼ਤੇ ਦੀ ਕਾਮਯਾਬੀ ਲਈ ਭਰੋਸਾ ਅਤੇ ਈਮਾਨਦਾਰੀ ਪ੍ਰਮੁੱਖ ਜ਼ਰੂਰਤਾਂ ਹੁੰਦੀਆਂ ਹਨ, ਅਤੇ ਕਿਸੇ ਵੀ ਜੋੜੇ ਲਈ ਨਿਯਮ ਉਦੋਂ ਹੀ ਸਫ਼ਲ ਹੁੰਦੇ ਹਨ ਜੇਕਰ ਦੋਵੇਂ ਵਿਅਕਤੀ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨ। ਇਨ੍ਹਾਂ ਗੱਲਾਂ ਬਾਰੇ ਵਿਚਾਰ ਕਰੋ: ਤੁਸੀਂ ਆਪਣੇ ਸਾਥੀ ਨਾਲ ਕਿਹੋ ਜਿਹਾ ਸੰਭੋਗ ਕਰ ਰਹੇ ਹੋ? ਤੁਸੀਂ ਹੋਰਨਾਂ ਨਾਲ ਕਿਹੋ ਜਿਹਾ ਸੰਭੋਗ ਕਰ ਰਹੇ ਹੋ? ਕੀ ਤੁਹਾਡਾ ਅਤੇ ਤੁਹਾਡੇ ਸਾਥੀ ਦਾ ਐੱਚ ਆਈ ਵੀ ਦਰਜਾ ਇੱਕੋ ਜਿਹਾ ਹੈ? ਕੀ ਤੁਹਾਡਾ ਅਤੇ ਤੁਹਾਡੇ ਹੋਰ ਕਾਮੁਕ ਸਾਥੀਆਂ ਦਾ ਐੱਚ ਆਈ ਵੀ ਦਰਜਾ ਵੀ ਇੱਕੋ ਜਿਹਾ ਹੈ? ਤੁਹਾਨੂੰ ਉਨ੍ਹਾਂ ਦੇ ਐੱਚ ਆਈ ਵੀ ਦਰਜੇ ਬਾਰੇ ਕਿਵੇਂ ਪਤਾ ਹੈ? ਕੀ ਤੁਸੀਂ ਆਪਣੇ ਪ੍ਰਮੁੱਖ ਕਾਮੁਕ ਸਾਥੀ ਨਾਲ ਕੰਡੋਮ ਦੀ ਵਰਤੋਂ ਕਰ ਰਹੇ ਹੋ? ਕੀ ਤੁਸੀਂ ਆਪਣੇ ਹੋਰ ਕਾਮੁਕ ਸਾਥੀਆਂ ਨਾਲ ਕੰਡੋਮ ਦੀ ਵਰਤੋਂ ਕਰ ਰਹੇ ਹੋ?

ਜਿਹੜੇ ਮਰਦ ਕਿਸੇ ਵਚਨਬੱਧ ਰਿਸ਼ਤੇ ਵਿੱਚ ਨਹੀਂ ਹਨ, ਉਹ ਐੱਚ ਆਈ ਵੀ ਨਾਲ ਆਪ ਗ੍ਰਸਤ ਹੋਣ ਜਾਂ ਆਪ ਐੱਚ ਆਈ ਵੀ ਫ਼ੈਲਾਉਣ ਦੇ ਖ਼ਤਰੇ ਨੂੰ ਘਟਾਉਣ ਲਈ, ਆਪਣੇ ਕਾਮੁਕ ਸਾਥੀਆਂ ਨੂੰ ਇੱਕ ਜਾਂ ਦੋ ਸੰਭੋਗ-ਸਾਥੀਆਂ ਤਕ ਸੀਮਤ ਰੱਖਣ। ਆਪਣੇ ਕਾਮੁਕ ਸਾਥੀਆਂ ਦੀ ਗਿਣਤੀ ਨੂੰ ਘੱਟ ਰੱਖਣ ਨਾਲ ਭਾਵੇਂ ਤੁਹਾਨੂੰ ਐੱਚ ਆਈ ਵੀ ਜਾਂ ਐੱਸ ਟੀ ਆਈ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ, ਪਰ ਇਸ ਵਿੱਚ ਫ਼ਿਰ ਵੀ ਖ਼ਤਰਾ ਸ਼ਾਮਲ ਰਹਿੰਦਾ ਹੈ ਕਿਉਂਕਿ ਉਹ ਦੋਸਤ ਜਿਨ੍ਹਾਂ ਨਾਲ ਤੁਸੀਂ ਸਰੀਰਕ ਸੰਬੰਧ ਵੀ ਸਥਾਪਤ ਕਰਦੇ ਹੋ ਉਹ ਤੁਹਾਡੇ ਇਕੱਲਿਆਂ ਨਾਲ ਹੀ ਅਜਿਹੇ ਸੰਬੰਧ ਨਹੀਂ ਰੱਖਦੇ। ਇੱਕੋ ਵਿਅਕਤੀ ਨਾਲ ਕਾਮੁਕ ਸੰਬੰਧ ਰੱਖਣ ਵਾਲੇ ਰਿਸ਼ਤਿਆਂ ਜਾਂ ਬੰਧਨ ਰਹਿਤ ਰਿਸ਼ਤਿਆਂ ਵਾਂਗ, ਰਿਸ਼ਤੇ ਤੋਂ ਬਾਹਰ ਕਿਸੇ ਹੋਰ ਵਿਅਕਤੀ ਨਾਲ ਕੀਤੇ ਜਾਣ ਵਾਲੇ ਸੰਭੋਗ ਸੰਬੰਧੀ ਈਮਾਨਦਾਰੀ ਅਤੇ ਭਰੋਸਾ ਬਰਕਰਾਰ ਰੱਖਣਾ ਆਪਣੇ ਆਪ ਨੂੰ ਦਰਪੇਸ਼ ਖ਼ਤਰੇ ਨਾਲ ਨਜਿੱਠਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ।