ਐਚ.ਆਈ.ਵੀ. ਟੈਸਟ

ਐੱਚ ਆਈ ਵੀ ਅਤੇ ਐੱਸ ਟੀ ਆਈ ਟੈਸਟਿੰਗ

ਆਪਣੇ ਐੱਚ ਆਈ ਵੀ ਦਰਜੇ ਬਾਰੇ ਜਾਣਨਾ ਜ਼ਿੰਦਗੀ ਦੇ ਕਾਮੁਕ ਪਹਿਲੂ ਨੂੰ ਸਿਹਤਮੰਦ ਰੱਖਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਟੈਸਟ ਕਰਾਉਣਾ ਆਪਣੇ ਦਰਜੇ ਬਾਰੇ ਪੱਕਾ ਪਤਾ ਕਰਨ ਦਾ ਇੱਕੋ-ਇੱਕ ਤਰੀਕਾ ਹੈ। ਵਜ੍ਹਾ ਜੋ ਵੀ ਹੋਵੇ – ਬਹੁਤੇ ਮਰਦਾਂ ਵਾਸਤੇ ਆਪਣੇ ਐੱਚ ਆਈ ਵੀ ਦਰਜੇ ਨੂੰ ਜਾਣਨਾ ਬਿਹਤਰ ਰਹਿੰਦਾ ਹੈ। ਵੈਨਕੁਵਰ ਵਿੱਚ ਹਰ 5 ਵਿੱਚੋਂ 1 ਸਮਲਿੰਗੀ ਮਰਦ ਐੱਚ ਆਈ ਵੀ ਨਾਲ ਗ੍ਰਸਤ ਹੈ। ਜਿਹੜੇ ਮਰਦਾਂ ਨੂੰ ਐੱਚ ਆਈ ਵੀ ਹੈ, ਉਨ੍ਹਾਂ ਵਿੱਚੋਂ 14% ਨੂੰ ਆਪਣੇ ਐੱਚ ਆਈ ਵੀ ਦਰਜੇ ਬਾਰੇ ਪਤਾ ਨਹੀਂ ਹੈ। ਖੋਜ ਨੇ ਦਰਸਾਇਆ ਹੈ ਕਿ ਨਵੀਆਂ

ਇਨਫ਼ੈਕਸ਼ਨਾਂ ਵੱਡੀ ਸੰਖਿਆ ਵਿੱਚ ਉਨ੍ਹਾਂ ਮਰਦਾਂ ਕਾਰਨ ਹੁੰਦੀਆਂ ਹਨ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਐੱਚ ਆਈ ਵੀ-ਪਾਜ਼ਿਟਿਵ ਹਨ, ਜਿਨ੍ਹਾਂ ਵਿੱਚ ਉਹ ਮਰਦ ਵੀ ਸ਼ਾਮਲ ਹਨ ਜਿਹੜੇ ਹਾਲ ਹੀ ਵਿੱਚ ਐੱਚ ਆਈ ਵੀ-ਪਾਜ਼ਿਟਿਵ ਹੋਏ ਹੋਣ, ਜਿਨ੍ਹਾਂ ਵਿੱਚ ਵਾਇਰਸ ਦੀ ਮਿਕਦਾਰ ਜ਼ਿਆਦਾ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਤੋਂ ਐੱਚ ਆਈ ਵੀ ਫੈਲਣ ਦਾ ਖ਼ਤਰਾ

ਵੀ ਵਧੇਰੇ ਹੁੰਦਾ ਹੈ। ਹੋਰ ਖੋਜ ਨੇ ਦਰਸਾਇਆ ਹੈ ਕਿ ਜਿਹੜੇ ਐੱਚ ਆਈ ਵੀ-ਪਾਜ਼ਿਟਿਵ ਮਰਦ ਟ੍ਰੀਟਮੈਂਟ ਛੇਤੀ ਸ਼ੁਰੂ ਕਰ ਲੈਂਦੇ ਹਨ ਉਹ ਬਿਹਤਰ ਸਿਹਤ ਨਤੀਜੇ ਹਾਸਲ ਕਰ ਸਕਦੇ ਹਨ। ਭਾਵੇਂ ਤੁਹਾਡਾ ਨਤੀਜਾ ਪਾਜ਼ਿਟਿਵ ਜਾਂ ਨੈਗੇਟਿਵ ਹੋਵੇ, ਆਪਣੇ ਐੱਚ ਆਈ ਵੀ ਦਰਜੇ ਬਾਰੇ ਜਾਣਨ ਨਾਲ ਤੁਹਾਨੂੰ ਰੋਕਥਾਮ ਅਤੇ ਟ੍ਰੀਟਮੈਂਟ ਸੰਬੰਧੀ ਗਿਆਨਵਾਨ ਫ਼ੈਸਲੇ ਲੈਣ ਵਿੱਚ ਮਦਦ ਮਿਲਦੀ ਹੈ।

1/5
ਵੈਨਕੂਵਰ ਵਿੱਚ ਰਹਿੰਦੇ 1/5 ਸਮਲਿੰਗੀ ਮਰਦ ਐਚ.ਆਈ.ਵੀ. ਪਾਜ਼ਿਟਿਵ ਹਨ


ਐੱਚ ਆਈ ਵੀ ਟੈਸਟ ਦੀਆਂ ਕਿਸਮਾਂ:

ਰੈਪਿਡ (ਪੁਆਇੰਟ ਆਫ਼ ਕੇਅਰ)
ਐੱਚ ਆਈ ਵੀ ਟੈਸਟ

ਇਨਫ਼ੈਕਸ਼ਨ ਹੋਣ ਦੇ 3-4 ਹਫ਼ਤਿਆਂ ਬਾਅਦ ਐਂਟੀਬਾਡੀਜ਼ ਦੀ ਪਛਾਣ ਕਰਦਾ ਹੈ, ਤਤਕਾਲ ਨਤੀਜਾ।

ਰੈਪਿਡ ਐੱਚ ਆਈ ਵੀ ਟੈਸਟ ਬਾਕਾਇਦਾ ਟੈਸਟਿੰਗ ਅਤੇ/ਜਾਂ ਉਸ ਸਮੇਂ ਲਈ ਵਧੀਆ ਹੈ ਜਦੋਂ ਤੁਸੀਂ ਟੈਸਟ ਨਤੀਜਿਆਂ ਲਈ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ। ਰੈਪਿਡ ਐੱਚ ਆਈ ਵੀ ਟੈਸਟ ਖ਼ੂਨ ਵਿੱਚ ਐਂਟੀਬਾਡੀਜ਼ ਦੀ ਪਛਾਣ ਕਰਦਾ ਹੈ। ਬਹੁਤੇ ਮਰਦਾਂ (ਲਗਭਗ 90%) ਵਿੱਚ ਇਨਫ਼ੈਕਸ਼ਨ ਹੋਣ ਤੋਂ ਬਾਅਦ 3-4 ਹਫ਼ਤਿਆਂ ਦੇ ਅੰਦਰ-ਅੰਦਰ ਇੰਨੀਆਂ ਐਂਟੀਬਾਡੀਜ਼ ਉਤਪੰਨ ਹੋ ਜਾਣਗੀਆਂ ਜਿਹੜੀਆਂ ਇਸ ਟੈਸਟ ਵਿੱਚ ਪਤਾ ਲੱਗ ਜਾਣਗੀਆਂ। ਰੈਪਿਡ ਐੱਚ ਆਈ ਵੀ ਟੈਸਟ ਕੁਝ ਮਿੰਟਾਂ ਦੇ ਅੰਦਰ-ਅੰਦਰ ਤੁਹਾਨੂੰ ਨਤੀਜੇ ਦੇ ਦਿੰਦਾ ਹੈ, ਜਿਸ ਨਾਲ ਨਤੀਜਿਆਂ ਲਈ ਇੱਕ ਹਫ਼ਤੇ ਤਕ ਤਣਾਅਪੂਰਨ ਇੰਤਜ਼ਾਰ ਨਹੀਂ ਕਰਨਾ ਪੈਂਦਾ।

ਅਰਲੀ ਐੱਚ ਆਈ ਵੀ
(ਜਾਂ ਐੱਨ ਏ ਏ ਟੀ/ਆਰ ਐੱਨ ਏ ) ਟੈਸਟ

ਇਨਫ਼ੈਕਸ਼ਨ ਹੋਣ ਤੋਂ 10-12 ਦਿਨਾਂ ਬਾਅਦ ਵਾਇਰਸ ਦਾ ਪਤਾ ਲਗਾਉਂਦਾ ਹੈ, ਨਤੀਜਾ ਆਉਣ ਵਿੱਚ 1 ਹਫ਼ਤਾ ਲੱਗਦਾ ਹੈ।

ਅਰਲੀ ਐੱਚ ਆਈ ਵੀ ਉਦੋਂ ਲਾਭਦਾਇਕ ਹੁੰਦਾ ਹੈ ਜਦੋਂ ਤੁਸੀਂ ਹਾਲ ਹੀ ਵਿੱਚ ਖ਼ਤਰਾ ਬਣਨ ਵਾਲੀ ਗਤੀਵਿਧੀ (ਕੰਡੋਮ ਰਹਿਤ ਗੁਦਾ ਮੈਥੁਨ) ਦਾ ਹਿੱਸਾ ਬਣੇ ਹੋ ਜਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਐੱਚ ਆਈ ਵੀ ਦੇ ਸੰਪਰਕ ਵਿੱਚ ਆਏ ਹੋ। ‘ਅਰਲੀ’ ਟੈਸਟ ਨਾਲ ‘ਵਿੰਡੋ ਪੀਰੀਅਡ’ (ਟੈਸਟ ਕਰਵਾਉਣ ਤੋਂ ਪਹਿਲਾਂ ਇੰਤਜ਼ਾਰ ਦਾ ਸਮਾਂ) ਘੱਟ ਕੇ ਸਿਰਫ਼ 10 ਤੋਂ 12 ਦਿਨਾਂ ਦਾ ਰਹਿ ਜਾਂਦਾ ਹੈ। ਐੱਚ ਆਈ ਵੀ ਦੇ ਆਮ ਟੈਸਟ ਵਾਂਗ ਇਹ ਟੈਸਟ ਤੁਹਾਡੀ ਬਾਂਹ ਵਿੱਚੋਂ ਲਏ ਖ਼ੂਨ ਦੇ ਨਮੂਨੇ ਉੱਤੇ ਕੀਤਾ ਜਾਂਦਾ ਹੈ। ਐੱਚ ਆਈ ਵੀ ਦੇ ਰੈਪਿਡ ਜਾਂ ਆਮ ਟੈਸਟਾਂ ਤੋਂ ਉਲਟ, ਅਰਲੀ ਐੱਚ ਆਈ ਵੀ ਟੈਸਟ ਇਸ ਵਾਇਰਸ ਦੇ ਜਵਾਬ ਵਿੱਚ ਉਤਪੰਨ ਹੋਈਆਂ ਐਂਟੀਬਾਡੀਜ਼ ਦੀ ਥਾਂ ਅਸਲ ਐੱਚ ਆਈ ਵੀ ਵਾਇਰਸ ਦੀ ਭਾਲ ਕਰਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਐਂਟੀਬਾਡੀ ਟੈਸਟ ਲਈ ‘ਵਿੰਡੋ ਪੀਰੀਅਡ’ (ਟੈਸਟ ਕਰਵਾਉਣ ਤੋਂ ਪਹਿਲਾਂ ਦਾ ਇੰਤਜ਼ਾਰ ਸਮਾਂ) ਵਿੱਚੋਂ ਲੰਘ ਰਹੇ ਹੁੰਦੇ ਹੋ, ਉਦੋਂ ਇਸ ਟੈਸਟ ਰਾਹੀਂ ਇਹ ਪਤਾ ਲੱਗ ਸਕਦਾ ਹੈ ਕਿ ਕੀ ਤੁਹਾਨੂੰ ਇਨਫ਼ੈਕਸ਼ਨ ਹੋਈ ਹੈ ਜਾਂ ਨਹੀਂ।

ਐੱਚ ਆਈ ਵੀ ਦਾ ਸਟੈਂਡਰਡ (ਆਮ) ਟੈਸਟ

ਇਨਫ਼ੈਕਸ਼ਨ ਦੇ 3-4 ਹਫ਼ਤਿਆਂ ਬਾਅਦ ਐਂਟੀਬਾਡੀਜ਼ ਦੀ ਪਛਾਣ ਕਰਦਾ ਹੈ, ਨਤੀਜਾ ਆਉਣ ਨੂੰ 1 ਹਫ਼ਤਾ ਲੱਗਦਾ ਹੈ।

ਐੱਚ ਆਈ ਵੀ ਦਾ ਸਟੈਂਡਰਡ ਟੈਸਟ ਆਮ ਜਾਂਚ ਲਈ ਜਾਂ ਉਸ ਸਮੇਂ ਲਈ ਵਰਤਿਆ ਜਾ ਸਕਦਾ ਹੈ ਜਦੋਂ ਅਰਲੀ ਜਾਂ ਰੈਪਿਡ ਐੱਚ ਆਈ ਵੀ ਟੈਸਟ ਉਪਲਬਧ ਨਾ ਹੋਣ। ਰੈਪਿਡ ਟੈਸਟ ਵਾਂਗ, ਐੱਚ ਆਈ ਵੀ ਦਾ ਸਟੈਂਡਰਡ ਟੈਸਟ ਖ਼ੂਨ ਵਿੱਚ ਐੱਚ ਆਈ ਵੀ ਐਂਟੀਬਾਡੀਜ਼ ਦੀ ਭਾਲ ਕਰਦਾ ਹੈ। ਬਹੁਤੇ ਮਰਦਾਂ (ਲਗਭਗ 90%) ਵਿੱਚ ਇਨਫ਼ੈਕਸ਼ਨ ਹੋਣ ਦੇ 3-4 ਹਫ਼ਤਿਆਂ ਬਾਅਦ ਇੰਨੀਆਂ ਐਂਟੀਬਾਡੀਜ਼ ਬਣ ਜਾਣਗੀਆਂ ਜਿਨ੍ਹਾਂ ਨੂੰ ਟੈਸਟ ਵਿੱਚ ਦੇਖਿਆ ਜਾ ਸਕਦਾ ਹੈ। ਫ਼ਰਕ ਇਹ ਹੈ ਕਿ ਅਰਲੀ ਐੱਚ ਆਈ ਵੀ ਟੈਸਟ ਵਾਂਗ ਇਸ ਟੈਸਟ ਲਈ ਵੀ ਖ਼ੂਨ ਨਾੜ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਉਸ ਨੂੰ ਜਾਂਚ ਲਈ ਲੈਬ ਭੇਜਿਆ ਜਾਂਦਾ ਹੈ।


ਐੱਚ ਆਈ ਵੀ “ਵਿੰਡੋ ਪੀਰੀਅਡ” ਸੰਬੰਧੀ ਜਾਣਕਾਰੀ


‘ਵਿੰਡੋ ਪੀਰੀਅਡ’ ਸਮੇਂ ਦਾ ਉਹ ਵਕਫ਼ਾ ਹੁੰਦਾ ਹੈ ਜਿਸ ਦੌਰਾਨ ਹੋ ਸਕਦਾ ਹੈ ਕਿ ਐੱਚ ਆਈ ਵੀ ਟੈਸਟ ਸਰੀਰ ਵਿੱਚ ਐੱਚ ਆਈ ਵੀ ਵਾਇਰਸ ਜਾਂ ਐਂਟੀਬਾਡੀਜ਼ ਦੀ ਮੌਜੂਦਗੀ ਬਾਰੇ ਪਤਾ ਨਾ ਲਗਾ ਸਕੇ ਅਤੇ ਇਸਤੇਮਾਲ ਕੀਤੇ ਐੱਚ ਆਈ ਵੀ ਟੈਸਟ ਮੁਤਾਬਕ ‘ਵਿੰਡੋ ਪੀਰੀਅਡ’ ਵੱਖੋ-ਵੱਖਰਾ ਹੋ ਸਕਦਾ ਹੈ। ਰੈਪਿਡ ਜਾਂ ਸਟੈਂਡਰਡ ਐੱਚ ਆਈ ਵੀ ਟੈਸਟ ਦੇ ਮੁਕਾਬਲੇ ਅਰਲੀ ਐੱਚ ਆਈ ਵੀ ਟੈਸਟ ਰਾਹੀਂ ਸਹੀ ਢੰਗ ਨਾਲ ਇਹ ਪਤਾ ਕਰਨ ਦੇ ਵਧੇਰੇ ਆਸਾਰ ਹਨ ਕਿ ਕੀ ਕੋਈ ਵਿਅਕਤੀ ਹਾਲ ਹੀ ਵਿੱਚ ਐੱਚ ਆਈ ਵੀ ਨਾਲ ਗ੍ਰਸਤ ਹੋਇਆ ਹੈ।
ਜੇਕਰ ਤੁਸੀਂ ਹਾਲ ਹੀ ਵਿੱਚ ਕਿਸੇ ਗਤੀਵਿਧੀ ਵਿੱਚ ਸ਼ਾਮਲ ਹੋਏ ਹੋ, ਜਿਵੇਂ ਕਿ ਕਿਸੇ ਅਜਿਹੇ ਮਰਦ ਨਾਲ ਕੰਡੋਮ ਰਹਿਤ ਗੁਦਾ ਮੈਥੁਨ ਜਿਸ ਦੇ ਐੱਚ ਆਈ ਵੀ ਦਰਜੇ ਬਾਰੇ ਤੁਹਾਨੂੰ ਪੱਕਾ ਪਤਾ ਨਹੀਂ ਹੈ, ਤਾਂ ਉਪਲਬਧ ਟੈਸਟਾਂ ਵਿੱਚੋਂ ਸਭ ਤੋਂ ਦਰੁਸਤ ਟੈਸਟ ਲਈ ਅਰਲੀ ਐੱਚ ਆਈ ਵੀ ਟੈਸਟ ਦੀ ਚੋਣ ਕਰੋ। ਲੋਕੇਸ਼ਨਾਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ।: