ਐੱਸ.ਟੀ.ਆਈ. ਰੁਝਾਨ

ਐੱਸ ਟੀ ਆਈ ਸੰਬੰਧੀ ਮੌਜੂਦਾ ਰੁਝਾਨ


ਐੱਚ ਆਈ ਵੀ ਤੋਂ ਇਲਾਵਾ, ਸਮਲਿੰਗੀ ਅਤੇ ਦੁਲਿੰਗੀ ਮਰਦਾਂ ਨੂੰ ਸੰਭੋਗ ਕਾਰਨ ਫੈਲਣ ਵਾਲੀਆਂ ਅਨੇਕਾਂ ਤਰ੍ਹਾਂ ਦੀਆਂ ਇਨਫ਼ੈਕਸ਼ਨਾਂ (ਐੱਸ ਟੀ ਆਈ ) ਹੋਣ ਦਾ ਖ਼ਤਰਾ ਹੁੰਦਾ ਹੈ, ਜਿਵੇਂ ਕਿ ਸੁਜ਼ਾਕ (ਗੌਨੋਰੀਆ) ਅਤੇ ਆਤਸ਼ਿਕ (ਸਿਫ਼ਲਿਸ) ਐੱਚ ਪੀ ਵੀ ਅਤੇ ਹੈਪੇਟਾਇਟਿਸ ਸੀ। ਸਾਲ 2011 ਵਿੱਚ ਬੀ.ਸੀ. ਵਿੱਚ 9% ਸਮਲਿੰਗੀ ਅਤੇ ਦੁਲਿੰਗੀ ਮਰਦਾਂ ਨੇ ਇਹ ਦੱਸਿਆ ਸੀ ਕਿ ਬੀਤੇ 12 ਮਹੀਨੇ ਦੌਰਾਨ ਉਨ੍ਹਾਂ ਵਿੱਚ ਕਿਸੇ ਨਾ ਕਿਸੇ ਐੱਸ ਟੀ ਆਈ ਦੀ ਪਛਾਣ ਕੀਤੀ ਗਈ ਸੀ। ਸਮੇਂ-ਸਮੇਂ ਸਿਰ ਸਾਰੀਆਂ ਐੱਸ ਟੀ ਆਈ ਲਈ ਜਾਂਚ ਕਰਵਾਉਣੀ ਆਪਣੀ ਕਾਮੁਕ ਸਿਹਤ ਦਾ ਖ਼ਿਆਲ ਰੱਖਣ ਦਾ ਮਹੱਤਵਪੂਰਨ ਹਿੱਸਾ ਹੈ, ਖ਼ਾਸ ਤੌਰ ’ਤੇ ਇਸ ਲਈ ਕਿਉਂਕਿ ਐੱਸ ਟੀ ਆਈ ਨਾਲ ਪੀੜਤ ਹੋਣ ਦਾ ਮਤਲਬ ਹੈ ਕਿ ਤੁਹਾਨੂੰ ਐੱਚ ਆਈ ਵੀ ਹੋਣ ਜਾਂ ਤੁਹਾਡੇ ਤੋਂ ਐੱਚ ਆਈ ਵੀ ਫੈਲਣ ਦੇ ਆਸਾਰ ਵਧ ਜਾਂਦੇ ਹਨ। ਸਾਰੀਆਂ ਐੱਸ ਟੀ ਆਈ ਦਾ ਇਲਾਜ ਸੰਭਵ ਹੈ, ਪਰ ਸਾਰੀਆਂ ਐੱਸ ਟੀ ਆਈ ਦਾ ਸੰਪੂਰਨ ਇਲਾਜ ਉਪਲਬਧ ਨਹੀਂ ਹੈ, ਜਿਵੇਂ ਕਿ ਹਰਪੀਜ਼।


ਹੈਪੇਟਾਇਟਿਸ ਸੀ

ਨਸ਼ੇ ਕਰਨ ਲਈ ਵਰਤੇ ਜਾਂਦੇ ਟੀਕਿਆਂ ਦੀਆਂ ਸੂਈਆਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ ਹੈਪੇਟਾਇਟਿਸ-ਸੀ ਹੋਣ ਦਾ ਸਭ ਤੋਂ ਆਮ ਤਰੀਕਾ ਹੈ। ਵੱਡੀ ਮਿਕਦਾਰ ਵਿੱਚ ਖੋਜ ਇਹ ਵੀ ਦਰਸਾ ਰਹੀ ਹੈ ਕਿ ਜਿਹੜੇ ਸਮਲਿੰਗੀ ਮਰਦਾਂ ਦਾ ਟੀਕਿਆਂ ਰਾਹੀਂ ਨਸ਼ੇ ਲੈਣ ਦਾ ਕੋਈ ਪਿਛੋਕੜ ਨਹੀਂ ਹੁੰਦਾ, ਉਨ੍ਹਾਂ ਨੂੰ ਵੀ ਕਾਮੁਕ ਸੰਬੰਧਾਂ ਕਾਰਨ ਹੈਪੇਟਾਇਟਿਸ-ਸੀ ਹੋ ਸਕਦਾ ਹੈ। ਹੈਪੇਟਾਇਟਿਸ-ਸੀ ਉਦੋਂ ਫੈਲਦਾ ਹੈ ਜਦੋਂ ਇਨਫ਼ੈਕਸ਼ਨ ਨਾਲ ਗ੍ਰਸਤ ਵਿਅਕਤੀ ਦਾ ਖ਼ੂਨ ਉਸ ਵਿਅਕਤੀ ਦੇ ਖ਼ੂਨ ਵਿੱਚ ਜਾ ਰਲ਼ਦਾ ਹੈ ਜਿਸ ਨੂੰ ਹੈਪੇਟਾਇਟਿਸ-ਸੀ ਨਹੀਂ ਹੁੰਦਾ। ਇਹ ਵਾਇਰਸ ਖ਼ੂਨ ਦੇ ਬਹੁਤ ਹੀ ਨਿੱਕੇ ਅੰਸ਼ਾਂ ਵਿੱਚ ਮੌਜੂਦ ਹੋ ਸਕਦਾ ਹੈ ਅਤੇ ਸਰੀਰ ਦੇ ਬਾਹਰ ਸੁੱਕੇ ਹੋਏ ਖ਼ੂਨ ਵਿੱਚ ਇਹ ਵਾਇਰਸ ਅਨੇਕਾਂ ਦਿਨਾਂ ਤੋਂ ਅਨੇਕਾਂ ਹਫ਼ਤਿਆਂ ਤਕ ਜਿਊਂਦਾ ਰਹਿ ਸਕਦਾ ਹੈ। ਇਹ ਵਾਇਰਸ ਵੀਰਜ ਜਾਂ ਟੱਟੀ ਰਾਹੀਂ ਨਹੀਂ ਫੈਲਦਾ।

ਹੈਪੇਟਾਇਟਿਸ-ਸੀ ਮਰਦਾਂ ਦਰਮਿਆਨ ਕੁਝ ਖ਼ਾਸ ਕਿਸਮ ਦੇ ਸੰਭੋਗ ਨਾਲ ਫੈਲ ਸਕਦਾ ਹੈ, ਆਮ ਤੌਰ ’ਤੇ ਇਹ ਉਦੋਂ ਫੈਲਦਾ ਹੈ ਜਦੋਂ ਹੈਪੇਟਾਇਟਿਸ-ਸੀ ਨਾਲ ਦੂਸ਼ਿਤ ਹੋਏ ਖ਼ੂਨ ਨਾਲ ਲਿਬੜੀ ਇੰਦਰੀ, ਸੰਭੋਗ ਸੰਬੰਧੀ ਕੋਈ ਖਿਡੌਣਾ ਜਾਂ ਹੱਥ ਦੂਜੇ ਮਰਦ ਦੇ ਗੁਦਾ ਦੇ ਅੰਦਰ ਜਾਂਦਾ ਹੈ। ਅਜਿਹਾ ਅਕਸਰ ਸਮੂਹਿਕ ਸੰਭੋਗ ਦੌਰਾਨ ਹੁੰਦਾ ਹੈ, ਜਿੱਥੇ ਇੱਕ ਮਰਦ ਦੀ ਇੰਦਰੀ ਜਾਂ ਸੰਭੋਗ ਲਈ ਇਸਤੇਮਾਲ ਕੀਤਾ ਜਾਣ ਵਾਲਾ ਇੱਕੋ ਖਿਡੌਣਾ ਇੱਕ ਤੋਂ ਵੱਧ ਮਰਦਾਂ ਦੇ ਗੁਦਾ ਅੰਦਰ ਵਾੜਿਆ ਜਾਂਦਾ ਹੈ। ਕਠੋਰ ਸੰਭੋਗ ਅਤੇ ਲੰਮੇ ਸਮੇਂ ਤਕ ਕੀਤਾ ਜਾਣ ਵਾਲਾ ਸੰਭੋਗ, ਦੋਵੇਂ ਹੀ ਇਸ ਚੀਜ਼ ਦੇ ਆਸਾਰ ਵਧਾ ਦਿੰਦੇ ਹਨ ਕਿ ਇੱਕ ਮਰਦ ਦਾ ਖ਼ੂਨ ਦੂਜੇ ਮਰਦ ਦੇ ਅੰਦਰ ਜਾ ਸਕਦਾ ਹੈ।

ਆਤਸ਼ਿਕ (ਸਿਫ਼ਲਿਸ)

ਜਿੱਥੇ ਕਿ ਐੱਚ ਆਈ ਵੀ ਦਾ ਟੈਸਟ ਕਰਵਾਉਣ ਉੱਪਰ ਬਹੁਤ ਜ਼ੋਰ ਦਿੱਤਾ ਜਾਂਦਾ ਹੈ, ਉੱਥੇ ਹੀ ਹੋ ਸਕਦਾ ਹੈ ਕਿ ਆਤਸ਼ਿਕ (ਸਿਫ਼ਲਿਸ) ਸਮੇਤ ਹੋਰਨਾਂ ਐੱਸ ਟੀ ਆਈ ਲਈ ਲੋਕਾਂ ਦਾ ਬਾਕਾਇਦਾ ਟੈਸਟ ਨਾ ਕੀਤਾ ਜਾਵੇ। ਸਾਲ 2012 ਵਿੱਚ, ਬੀ.ਸੀ. ਵਿੱਚ ਬੀਤੇ 30 ਸਾਲਾਂ ਦੇ ਮੁਕਾਬਲੇ ਆਤਸ਼ਿਕ ਦੇ ਸਭ ਤੋਂ ਵੱਧ ਮਾਮਲੇ ਹੋਏ ਸਨ। ਹਾਲਾਂਕਿ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ, ਪਰ ਜੇਕਰ ਇਸ ਦਾ ਇਲਾਜ ਛੇਤੀ ਨਾ ਕੀਤਾ ਜਾਵੇ ਤਾਂ ਇਹ ਇਨਫ਼ੈਕਸ਼ਨ ਗੰਭੀਰ ਚਿਰਕਾਲੀਨ ਗੁੰਝਲਾਂ (ਜਾਂ ਮੌਤ) ਦਾ ਕਾਰਨ ਬਣ ਸਕਦੀ ਹੈ। ਭਾਵੇਂ ਇਨਫ਼ੈਕਸ਼ਨ ਦੇ ਪ੍ਰਭਾਵ ਹੇਠ ਆਏ ਵਿਅਕਤੀ ਦੇ ਕੋਈ ਪ੍ਰਤੱਖ ਲੱਛਣ ਨਹੀਂ ਹੁੰਦੇ, ਡਾਕਟਰ ਇਹ ਸਲਾਹ ਦਿੰਦੇ ਹਨ ਕਿ ਸਮਲਿੰਗੀ ਮਰਦਾਂ ਨੂੰ ਆਪਣੀ ਕਾਮੁਕ ਸਿਹਤ ਦੀ ਜਾਂਚ ਦੇ ਕਾਇਦੇ ਵਜੋਂ ਅਕਸਰ ਆਪਣਾ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਇਨਫ਼ੈਕਸ਼ਨ ਦਾ ਛੇਤੀ ਇਲਾਜ ਵੀ ਕੀਤਾ ਜਾ ਸਕੇਗਾ ਅਤੇ ਇਸ ਨਾਲ ਇਨਫ਼ੈਕਸ਼ਨ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕੇਗਾ। ਤੁਸੀਂ ਹਿਮ ਸਿਹਤ ਕੇਂਦਰਾਂ ਵਿਖੇ ਇਸ ਟੈਸਟ ਲਈ ਸਮਾਂ ਮੁਕੱਰਰ ਕਰ ਸਕਦੇ ਹੋ ਜਾਂ ਆਪਣੇ ਨੇੜੇ ਕੋਈ ਕਲੀਨਿਕ ਲੱਭ ਸਕਦੇ ਹੋ, ‘ਸਮਾਰਟ ਸੈਕਸ ਰੀਸੋਰਸ’ ਦੇਖੋ।:

ਐੱਚ ਪੀ ਵੀ

ਹਿਊਮਨ ਪੈਪਲਿਉਮਾ ਵਾਇਰਸ (ਐੱਚ ਪੀ ਵੀ) ਸੰਭੋਗ ਰਾਹੀਂ ਫੈਲਣ ਵਾਲੀ ਬਹੁਤ ਹੀ ਆਮ ਇਨਫ਼ੈਕਸ਼ਨ ਹੈ। ਐੱਚ ਪੀ ਵੀ ਮੌਖਿਕ, ਗੁਦਾ ਰਾਹੀਂ ਅਤੇ / ਜਾਂ ਜਨਣਕ ਅੰਗਾਂ ਦੇ ਸੰਭੋਗਕ ਸੰਪਰਕ ਰਾਹੀਂ ਫੈਲ ਸਕਦੀ ਹੈ। ਅਧਿਐਨਾਂ ਨੇ ਦਰਸਾਇਆ ਹੈ ਕਿ ਕਾਮੁਕ ਪੱਖੋਂ ਸਰਗਰਮ ਬਾਲਗਾਂ ਵਿੱਚ ਐੱਚ ਪੀ ਵੀ ਇਨਫ਼ੈਕਸ਼ਨ ਬਹੁਤ ਆਮ ਹੈ ਅਤੇ ਸਮਲਿੰਗੀ ਮਰਦਾਂ ਅਤੇ ਮਰਦਾਂ ਨਾਲ ਸੰਭੋਗ ਕਰਨ ਵਾਲੇ ਪੁਰਸ਼ਾਂ ਅਤੇ ਖ਼ਾਸ ਤੌਰ ’ਤੇ ਐੱਚ ਆਈ ਵੀ-ਪਾਜ਼ਿਟਿਵ ਮਰਦਾਂ ਵਿੱਚ ਤਾਂ ਇਹ ਹੋਰ ਵੀ ਆਮ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕੰਡੋਮ ਦਾ ਸਹੀ ਇਸਤੇਮਾਲ ਐੱਚ ਪੀ ਵੀ ਫੈਲਣ ਦੇ ਆਸਾਰ ਘਟਾ ਤਾਂ ਸਕਦਾ ਹੈ ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦਾ ਕਿਉਂਕਿ ਐੱਚ ਪੀ ਵੀ ਉਨ੍ਹਾਂ ਹਿੱਸਿਆਂ ਤੋਂ ਵੀ ਫੈਲ ਸਕਦਾ ਹੈ ਜਿਹੜੇ ਕੰਡੋਮ ਰਾਹੀਂ ਢਕੇ ਨਹੀਂ ਜਾ ਸਕਦੇ। ਐੱਚ ਪੀ ਵੀ ਦੀ ਰੋਕਥਾਮ ਲਈ ਵੈਕਸੀਨ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਐੱਚ ਪੀ ਵੀ ਸੰਬੰਧੀ ਸਾਡਾ ‘ਪੁਜ਼ੀਸ਼ਨ ਪੇਪਰ’ ਪੜ੍ਹੋ।: