ਖੁਲਾਸਾ ਕਰਨ ਤੋਂ ਬਾਅਦ ਦੀ ਜ਼ਿੰਦਗੀ

ਖੁਲਾਸਾ ਕਰਨਾ (ਸਮਲਿੰਗੀ ਹੋਣ ਬਾਰੇ ਦੂਜਿਆਂ ਨੂੰ ਦੱਸਣਾ) + ਦੂਜਿਆਂ ਨਾਲ ਖੁਲ੍ਹ ਕੇ ਵਿਚਰਨਾ

ਭਾਵੇਂ ਤੁਸੀਂ ਪਹਿਲਾਂ ਹੀ ਮਰਦਾਂ ਨਾਲ ਸੰਭੋਗ ਕਰ ਚੁੱਕੇ ਹੋ ਜਾਂ ਤੁਸੀਂ ਇਸ ਸੰਭਾਵਨਾ ਬਾਰੇ ਵਿਚਾਰ ਕਰਨਾ ਸ਼ੁਰੂ ਹੀ ਕੀਤਾ ਹੈ, ਆਪਣੀ ਕਾਮੁਕ-ਪਸੰਦੀ ਨੂੰ ਸਮਝਣਾ ਅਤੇ ਦੂਜਿਆ ਨਾਲ ਇਸ ਨੂੰ ਸਾਂਝਾ ਕਰ ਸਕਣਾ ਸਿਹਤਮੰਦ ਅਤੇ ਭਰਪੂਰ ਜੀਵਨ ਦਾ ਇੱਕ ਮਹੱਤਵਪੂਰਣ ਪਹਿਲੂ ਹੈ। ਤੁਹਾਡੇ ਲਈ ਇਹ ਜ਼ਿੰਦਗੀ ਦੇ ਸਭ ਤੋਂ ਔਖੇ ਕਾਰਜਾਂ ਵਿੱਚੋਂ ਇੱਕ ਹੋ ਸਕਦਾ ਹੈ ਅਤੇ ਇਸ ਲਈ ਸਮੇਂ ਅਤੇ ਸਾਵਧਾਨ ਵਿਉਂਤਬੰਦੀ ਦੀ ਲੋੜ ਪੈ ਸਕਦੀ ਹੈ। ਪਰ, “ਖੁਲਾਸਾ ਕਰਨ” ਨਾਲ ਸਮਲਿੰਗੀ ਜਾਂ ਦੁਲਿੰਗੀ ਮਰਦ ਵਜੋਂ ਬੇਝਿਜਕ ਹੋ ਕੇ ਅਤੇ ਖ਼ੁਸ਼ੀ-ਖ਼ੁਸ਼ੀ ਜਿਊਣ ਦੀਆਂ ਅਨੇਕਾਂ ਸੰਭਾਵਨਾਵਾਂ ਉਪਜਦੀਆਂ ਹਨ।


ਖੁਲਾਸਾ ਕਰਨ ਤੋਂ ਬਾਅਦ ਦੀ ਜ਼ਿੰਦਗੀ


ਆਮ ਭਾਸ਼ਾ ਵਿੱਚ, ਸਮਲਿੰਗੀ ਜਾਂ ਦੁਲਿੰਗੀ ਮਰਦ ਹੋਣ ਦਾ “ਖੁਲਾਸਾ ਕਰਨਾ” ਆਪਣੇ ਆਪ ਨੂੰ ਸਵੀਕਾਰ ਕਰਨ ਅਤੇ ਕਾਮੁਕ ਅਤੇ ਪ੍ਰੇਮ ਸੰਬੰਧ ਸਥਾਪਤ ਕਰਨ ਲਈ ਦੂਜੇ ਮਰਦਾਂ ਵੱਲ ਆਕਰਸ਼ਤ ਹੋਣ ਸੰਬੰਧੀ ਸਪਸ਼ਟ ਹੋਣ ਦੀ ਪ੍ਰਕ੍ਰਿਆ ਹੈ। ਕਿਸੇ ਸਮਲਿੰਗੀ ਜਾਂ ਦੁਲਿੰਗੀ ਮਰਦ ਲਈ ਖੁਲਾਸਾ ਕਰਨ ਦੀ ਪ੍ਰਕ੍ਰਿਆ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਉਹ ਹੋਰਨਾਂ ਮਰਦਾਂ ਨਾਲ ਸਰੀਰਕ ਅਤੇ ਜਜ਼ਬਾਤੀ ਨੇੜਤਾ ਦੀ ਆਪਣੀ ਇੱਛਾ ਨੂੰ ਖ਼ੁਦ ਵੀ ਸਵੀਕਾਰ ਕਰ ਲੈਂਦਾ ਹੈ ਅਤੇ ਦੂਜੇ ਲੋਕਾਂ ਕੋਲ ਵੀ ਇਸ ਦਾ ਇਜ਼ਹਾਰ ਕਰ ਦਿੰਦਾ ਹੈ।

ਅਜੋਕੇ ਸਮਾਜ ਵਿੱਚ ਸਮਲਿੰਗੀ ਵਿਅਕਤੀਆਂ ਦੇ ਹੱਕਾਂ ਦੀ ਵਧ ਰਹੀ ਮਕਬੂਲੀਅਤ ਦੇ ਬਾਵਜੂਦ ਕਈ ਅਜਿਹੇ ਕਾਰਣ ਹਨ ਜਿਨ੍ਹਾਂ ਦੇ ਚਲਦਿਆਂ ਸਮਲਿੰਗੀ ਵਿਅਕਤੀ ਆਪਣੀ ਕਾਮੁਕ-ਪਸੰਦੀ ਦਾ ‘ਖੁਲਾਸਾ ਕਰਨ’ ਵਿੱਚ ਅਯੋਗ ਹੁੰਦੇ ਹਨ। ਉਦਾਹਰਣ ਵਜੋਂ, ਜੇਕਰ ਤੁਹਾਡਾ ਪਰਿਵਾਰ, ਸਭਿਆਚਾਰਕ ਪਿਛੋਕੜ ਜਾਂ ਤੁਹਾਡੀ ਧਾਰਮਿਕ ਵਿਚਾਰਧਾਰਾ ਸਮਲਿੰਗੀ ਅਤੇ “ਗੇਅ” ਲੋਕਾਂ ਪ੍ਰਤੀ ਨਕਾਰਾਤਮਕ ਰਵੱਈਆ ਰੱਖਦੀ ਹੈ ਤਾਂ ਆਪਣੀ ਕਾਮੁਕ-ਪਸੰਦੀ ਨੂੰ ਸਵੀਕਾਰ ਕਰਨਾ ਅਤੇ ਇਸ ਬਾਰੇ ਖੁੱਲ੍ਹ ਕੇ ਗੱਲ ਕਰਨਾ ਲਗਭਗ ਨਾਮੁਮਕਿਨ ਲੱਗ ਸਕਦਾ ਹੈ।

ਕਿਸੇ ਵਿਸ਼ੇਸ਼ ਸਭਿਆਚਾਰਕ ਜਾਂ ਪਰਿਵਾਰਕ ਪਿਛੋਕੜ ’ਤੇ ਨਿਰਭਰ ਕਰਦਿਆਂ, ਕੁਝ ਸਮਲਿੰਗੀ ਅਤੇ ਦੁਲਿੰਗੀ ਮਰਦਾਂ ਉੱਪਰ ਆਪਣੀ ਕਾਮੁਕ-ਪਸੰਦੀ ਨੂੰ ਗੁਪਤ ਰੱਖਣ ਦਾ, ਜਾਂ ਇੱਥੋਂ ਤਕ ਕਿ ‘ਔਰਤਾਂ ਵੱਲ ਆਕਰਸ਼ਿਤ ਹੋਣ’ ਵੱਲ ਪੂਰਾ ਧਿਆਨ ਦੇਣ ਦਾ ਦਬਾਅ ਵੀ ਹੁੰਦਾ ਹੈ। ਅਜਿਹੀ ਦੋਹਰੀ ਜ਼ਿੰਦਗੀ ਜਿਊਣਾ – ਇੱਕ ਸਮਲਿੰਗੀ ਮਰਦ ਵਜੋਂ, ਅਤੇ ਇੱਕ ਗ਼ੈਰ-ਸਮਲਿੰਗੀ ਵਜੋਂ – ਜਜ਼ਬਾਤੀ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰ ਸਕਦਾ ਹੈ। ਜਿੱਥੇ ਆਪਣੇ ਸਮਲਿੰਗੀ ਹੋਣ ਦਾ ਖੁਲਾਸਾ ਕਰਨ ਦੇ ਸੰਭਾਵੀ ਅੰਜਾਮ ਤੋਂ ਸਾਨੂੰ ਡਰ ਲੱਗ ਸਕਦਾ ਹੈ, ਉੱਥੇ ਹੀ ਆਪਣੀ ਕਾਮੁਕ-ਪਸੰਦੀ ਨੂੰ ਲੁਕੋ ਕੇ ਰੱਖਣ ਦੇ ਨੁਕਸਾਨ ਅਤੇ ਕੁਰਬਾਨੀਆਂ ਬਾਰੇ ਵੀ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ।

ਸਮਲਿੰਗੀ ਹੋਣ ਦਾ ਖੁਲਾਸਾ ਕਰਨਾ ਕਿਸੇ ਲਈ ਵੀ ਖ਼ਤਰਨਾਕ ਹੋ ਸਕਦਾ ਹੈ, ਪਰ ਆਪਣੀ ਕਾਮੁਕ-ਪਸੰਦੀ ਬਾਰੇ ਸਪਸ਼ਟ ਹੋਣਾ ਨਾਲ ਤੁਸੀਂ ਆਪਣਾ ਜੀਵਨ ਵਧੇਰੇ ਮਕਸਦ ਅਤੇ ਸੰਤੁਸ਼ਟੀ ਨਾਲ ਜਿਊਣ ਦੇ ਕਾਬਲ ਬਣੋਗੇ। ਆਦਮੀਆਂ ਨਾਲ ਸੰਭੋਗ ਕਰਨ ਵਾਲੇ ਮਰਦ ਵਜੋਂ ਸਪਸ਼ਟ ਤੌਰ ’ਤੇ ਜਿਊਣ ਵਿੱਚ ਸੌਖ ਮਹਿਸੂਸ ਕਰਦਿਆਂ ਇਸ ਪ੍ਰਕ੍ਰਿਆ ਦਾ ਨਿਯੰਤ੍ਰਣ ਅਤੇ ਇਸ ਦੀ ਰੂਪ-ਰੇਖਾ ਸਿਰਫ਼ ਤੁਹਾਡੇ ਹੱਥ ਵਿੱਚ ਹੀ ਹੋਵੇਗੀ।

ਜ਼ਿੰਦਗੀ ਦੇ ਹਰ ਪੜਾਅ ਅਤੇ ਪੱਧਰ ਨਾਲ ਸੰਬੰਧ ਰੱਖਣ ਵਾਲੇ ਬਹੁਤੇ ਸਮਲਿੰਗੀ ਅਤੇ ਦੁਲਿੰਗੀ ਮਰਦ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਆਪਣੀ ਕਾਮੁਕ-ਪਸੰਦੀ ਨੂੰ ਖ਼ੁਦ ਸਵੀਕਾਰ ਕਰਨਾ ਅਤੇ ਹੋਰਨਾਂ ਲੋਕਾਂ ਕੋਲ ਇਸ ਬਾਰੇ ਇਜ਼ਹਾਰ ਕਰਨਾ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਔਖੇ ਅਤੇ ਡਰਾਉਣੇ ਤਜਰਬਿਆਂ ਵਿੱਚੋਂ ਇੱਕ ਹੋਣ ਦੇ ਨਾਲ-ਨਾਲ ਸਭ ਤੋਂ ਆਜ਼ਾਦ ਅਤੇ ਉਤਸ਼ਾਹਿਤ ਮਹਿਸੂਸ ਕਰਵਾਉਣ ਵਾਲਾ ਤਜਰਬਾ ਵੀ ਹੋ ਸਕਦਾ ਹੈ। ਇਸ ਨਾਲ ਤੁਹਾਡੇ ਵਰਗੇ ਹੋਰ ਅਣਗਿਣਤ ਮਰਦਾਂ ਨੂੰ ਵਧੇਰੇ ਆਰਾਮ ਅਤੇ ਆਤਮ-ਵਿਸ਼ਵਾਸ ਮਹਿਸੂਸ ਕਰਨ ਵਿੱਚ ਮਦਦ ਮਿਲੀ ਹੈ – ਆਪਣੀ ਕਾਮੁਕ ਪਸੰਦੀ ਦਾ ਖੁਲਾਸਾ ਕਰਨ ਦੀ ਸ਼ੁਰੂਆਤ ਕਰਨ ਵਾਸਤੇ ਪ੍ਰੇਰਣਾ ਲਈ ਇਨ੍ਹਾਂ ਮਰਦਾਂ ਦੀਆਂ ਕਹਾਣੀਆਂ ’ਤੇ ਇੱਕ ਝਾਤ ਮਾਰੋ!