ਪਰਿਵਾਰ + ਸਭਿਆਚਾਰ

ਰੂੜ੍ਹੀਵਾਦੀ ਵਿਚਾਰਧਾਰਾ ਵਾਲੇ ਪਰਿਵਾਰ ਜਾਂ
ਸਭਿਆਚਾਰਕ ਮਾਹੌਲ ਵਿੱਚ ਖੁਲਾਸਾ ਕਰਨਾ

ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨਾ ਆਪਣੇ ਆਪ ਨੂੰ ਸਵੀਕਾਰ ਕਰਨ, ਆਪਣੇ ਆਪ ਨੂੰ ਪਛਾਣਨ ਅਤੇ ਆਪਣੇ ਆਪ ਨੂੰ ਅਧਿਕਾਰ ਦੇ ਕੇ ਆਜ਼ਾਦ ਮਹਿਸੂਸ ਕਰਨ ਵਾਲਾ ਅਨੁਭਵ ਹੋ ਸਕਦਾ ਹੈ। ਪਰ, ਇਹ ਖ਼ਤਰਨਾਕ, ਗੁੰਝਲਦਾਰ ਅਤੇ ਬੇਹੱਦ ਤਣਾਅਪੂਰਨ ਵੀ ਹੋ ਸਕਦਾ ਹੈ, ਖ਼ਾਸ ਤੌਰ ’ਤੇ ਜਦੋਂ ਤੁਹਾਨੂੰ ਆਪਣੇ ਪਰਿਵਾਰ ਵੱਲੋਂ ਠੁਕਰਾਏ ਜਾਣ, ਵਿਸਾਰੇ ਜਾਣ ਜਾਂ ਇਸ ਤੋਂ ਵੀ ਬਦਤਰ ਰਵੱਈਏ ਦਾ ਖਦਸ਼ਾ ਹੁੰਦਾ ਹੈ। ਭਾਵੇਂ ਇਸ ਦੇ ਪਿੱਛੇ ਸਭਿਆਚਾਰਕ ਜਾਂ ਧਾਰਮਕ ਕਾਰਣ ਕੰਮ ਕਰਦੇ ਹੋਣ, ਜਦੋਂ ਸਾਨੂੰ ਇਹ ਲੱਗੇ ਕਿ ਸਾਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ, ਉਦੋਂ ਆਪਣੇ ਪਰਿਵਾਰ ਅਤੇ ਆਪਣੇ ਸਭਿਆਚਾਰਕ ਭਾਈਚਾਰੇ ਕੋਲ ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨਾ ਇੱਕ ਡਰਾਉਣਾ ਕਾਰਜ ਹੋ ਸਕਦਾ ਹੈ।

ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਵਾਲੇ ਅਨੇਕਾਂ ਸਮਲਿੰਗੀ ਮਰਦਾਂ ਨੂੰ ਹੋਮੋਫੋਬੀਆ (ਸਮਲਿੰਗੀ ਵਿਅਕਤੀਆਂ ਨੂੰ ਪਸੰਦ ਨਾ ਕਰਨਾ) ਅਤੇ ਪਰਿਵਾਰ ਵੱਲੋਂ ਪ੍ਰਵਾਨਗੀ ਜਾਂ ਸਹਾਰੇ ਦੀ ਘਾਟ ਜਿਹੀਆਂ ਕੌੜੀਆਂ ਸਚਾਈਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਨਾਲ ਜੂਝਣਾ ਪਿਆ ਹੈ। ਜਿਸ ਮਾਹੌਲ ਵਿੱਚ ਵਿਅਕਤੀ ਨੂੰ ਸਮਰਥਨ ਨਹੀਂ ਮਿਲਦਾ, ਉੱਥੇ ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕੀਤੇ ਜਾਣ ’ਤੇ ਖੜ੍ਹੀਆਂ ਹੋਣ ਵਾਲੀਆਂ ਮੁਸ਼ਕਲਾਂ ਨਾਲ ਹਰ ਕੋਈ ਇੱਕੋ ਢੰਗ ਨਾਲ ਨਹੀਂ ਨਜਿੱਠਦਾ। ਪਰ, ਇੱਕ ਸਮਲਿੰਗੀ ਜਾਂ ਦੁਲਿੰਗੀ ਮਰਦ ਵਜੋਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਹੋਏ ਅਨੇਕਾਂ ਜਾਣਿਆਂ ਨੇ ਆਪੋ-ਆਪ ਢੰਗ ਨਾਲ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਦਾ ਸਾਹਮਣਾ ਕੀਤਾ ਹੈ।

ਆਪਣੇ ਪਰਿਵਾਰ ਕੋਲ ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਦਾ ਫ਼ੈਸਲਾ ਲੈਣਾ ਕੋਈ ਅਜਿਹਾ ਕਾਰਜ ਨਹੀਂ ਹੈ ਜਿਹੜਾ ਤੁਹਾਨੂੰ ਤੁਰੰਤ ਕਰਨਾ ਪਵੇਗਾ। ਕੁਝ ਮਰਦ ਆਪਣੇ ਪਰਿਵਾਰਾਂ ਕੋਲ ਇਸ ਬਾਰੇ ਖੁਲਾਸਾ ਕਰਨ ਦੇ ਵਿਚਾਰ ਨਾਲ ਸਾਰੀ ਉਮਰ ਜੂਝਦੇ ਰਹਿੰਦੇ ਹਨ ਅਤੇ ਕਈ ਇਹ ਫ਼ੈਸਲਾ ਕਰਦੇ ਹਨ ਕਿ ਉਹ ਆਪਣੇ ਪਰਿਵਾਰ ਨੂੰ ਇਸ ਬਾਰੇ ਕਦੇ ਵੀ ਨਹੀਂ ਦੱਸਣਗੇ।

ਪਰ ਅਣਗਿਣਤ ਮਰਦਾਂ ਨੇ ਆਪਣੇ ਪਰਿਵਾਰਾਂ ਨੂੰ ਅਤੇ ਸਮਲਿੰਗੀ ਸੰਬੰਧਾਂ ਨੂੰ ਨਾਮਨਜ਼ੂਰ ਕਰਨ ਵਾਲੇ ਹੋਰਨਾਂ ਵਿਅਕਤੀਆਂ ਨੂੰ ਆਪਣੇ ਸਮਲਿੰਗੀ ਅਤੇ ਦੁਲਿੰਗੀ ਮਰਦ ਹੋਣ ਦਾ ਖੁਲਾਸਾ ਕਰਨ ਦੀ ਹਿੰਮਤ ਜੁਟਾਈ ਹੈ। ਹਾਲਾਂਕਿ ਸ਼ੁਰੂ-ਸ਼ੁਰੂ ਵਿੱਚ ਨਾਮੋਸ਼ੀ ਜਾਂ ਗੁੱਸੇ ਦਾ ਸਾਹਮਣਾ ਕਰਨਾ ਅਤੇ ਕੁਝ ਕੇਸਾਂ ਵਿੱਚ ਠੁਕਰਾਏ ਜਾਂ ਵਿਸਾਰੇ ਜਾਣਾ ਬਹੁਤ ਆਮ ਹੈ, ਪਰ ਰੂੜ੍ਹੀਵਾਦੀ ਮਾਹੌਲ ਵਿੱਚ ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਵਾਲੇ ਅਨੇਕਾਂ ਵਿਅਕਤੀ ਆਪੋ-ਆਪਣੇ ਪਰਿਵਾਰਾਂ ਨਾਲ ਆਪਣੇ ਸੰਬੰਧਾਂ ਨੂੰ ਬਰਕਰਾਰ ਰੱਖਣ ਜਾਂ ਇੱਥੋਂ ਤਕ ਕਿ ਸੰਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਵਿੱਚ ਵੀ ਕਾਮਯਾਬ ਹੋਏ ਹਨ।